NEWS

ਮੋਹਾਲੀ ਦਾ ਪਹਿਲਾ ਆਜੀਵਿਕਾ ਸਰਸ ਮੇਲਾ 18 ਤੋਂ 27 ਅਕਤੂਬਰ ਤੱਕ ਸੈਕਟਰ 88 ਵਿਖੇ : ਡੀਸੀ ਆਸ਼ਿਕਾ ਜੈਨ

ਡਿਪਟੀ ਕਮਿਸ਼ਨਰ ਵੱਲੋਂ ਟ੍ਰਾਈਸਿਟੀ ਅਤੇ ਜ਼ਿਲ੍ਹਾ ਨਿਵਾਸੀਆਂ ਨੂੰ ਵਧ ਚੜ੍ਹ ਕੇ ਮੇਲੇ ਦਾ ਆਨੰਦ ਮਾਨਣ ਦਾ ਸੱਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪ੍ਰਸ਼ਾਸਨ ਦੇਸ਼ ਵਿੱਚ ਬੇਹੱਦ ਪ੍ਰਸਿੱਧੀ ਖੱਟਣ ਵਾਲੇ ‘ਆਜੀਵਿਕਾ ਸਰਸ ਮੇਲੇ’ ਦੀ ਪਹਿਲੀ ਵਾਰ ਮੋਹਾਲੀ ਵਿਖੇ ਮੇਜ਼ਬਾਨੀ ਕਰੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੇਲਾ ਸਥਾਨਕ ਸੈਕਟਰ 88 ਵਿਖੇ ਓਪਨ ਗਰਾਊਂਡ (ਮਾਨਵ ਮੰਗਲ ਸਮਾਰਟ ਸਕੂਲ) ਦੇ ਪਿਛਲੇ ਪਾਸੇ ਵਿਖੇ 18 ਅਕਤੂਬਰ ਤੋਂ 27 ਅਕਤੂਬਰ ਤੱਕ ਲਗਾਇਆ ਜਾਵੇਗਾ, ਜਿਸ ਵਿੱਚ ਕਈ ਸੂਬਿਆਂ ਦੇ 600 ਤੋਂ ਵਧੇਰੇ ਕਲਾਕਾਰ, ਦਸਤਕਾਰ, ਵਪਾਰੀ ਅਤੇ ਹੁਨਰਮੰਦ ਲੋਕ ਹਿੱਸਾ ਲੈਣਗੇ, ਜਦਕਿ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖ਼ਤ ਅਤੇ ਮੌਜ-ਮਸਤੀ ਦਾ ਆਨੰਦ ਮਾਣਨਗੇ। ਸਰਸ ਮੇਲੇ ਦੌਰਾਨ ਦੇਸ਼ ਭਰ ਦੇ 600 ਤੋਂ ਵਧੇਰੇ ਦਸਤਗੀਰ ਤੇ ਕਾਰੀਗਰ 300 ਤੋਂ ਵੱਧ ਸਟਾਲ ਲਗਾਉਣਗੇ। ਅੱਜ ਮੇਲਾ ਗਰਾਊਂਡ ਵਿਖੇ ਜ਼ਿਲ੍ਹੇ ਵਿੱਚ ਪਹਿਲੀ ਵਾਰ ਲੱਗਣ ਜਾ ਰਹੇ ਸਰਸ ਮੇਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਸ਼ਿਕਾ ਜੈਨ ਨੇ ਦੱਸਿਆ ਕਿ ਦੂਰ-ਦੁਰਾਡਿਉ ਆਉਣ ਵਾਲੇ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਵੇਖਣ ਅਤੇ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨ ਦੇ ਮਕਸਦ ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਆਜੀਵਿਕਾ ਸਰਸ ਮੇਲੇ ਦੀ ਹਰ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕਾਂ ਦੇ ਪ੍ਰੋਗਰਾਮ ਅਤੇ ਕਾਮੇਡੀ ਸ਼ੋਅ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਸਾਲ 2006 ਤੋਂ ਜ਼ਿਲ੍ਹਾ ਬਣਨ ਤੋਂ ਬਾਅਦ ਪਹਿਲੀ ਵਾਰੀ ਜ਼ਿਲਾ ਵਾਸੀਆਂ ਲਈ ਇਸ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਵੀ ਪਹਿਲੀ ਵਾਰ ਹੀ ਹੋਵੇਗਾ ਜਦੋਂ ਏਨੀ ਵੱਡੀ ਗਿਣਤੀ ਵਿੱਚ ਨਾਮਵਰ ਗਾਇਕ ਸਰਸ ਮੇਲੇ ਦੇ ਮੰਚ ਤੋਂ ਲੋਕਾਂ ਦੇ ਰੂਬਰੂ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਸ ਮੇਲੇ ਦੇ ਉਦਘਾਟਨੀ ਦਿਨ 18 ਅਕਤੂਬਰ ਦੀ ਸ਼ਾਮ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ, 19 ਅਕਤੂਬਰ ਨੂੰ ਸ਼ਿਵਜੋਤ, 20 ਅਕਤੂਬਰ ਨੂੰ ਫੈਸ਼ਨ ਸ਼ੋਅ ਤੋਂ ਇਲਾਵਾ ਪੰਜਾਬੀ ਸਿੰਗਰ ਪਰੀ ਪੰਧੇਰ, ਬਸੰਤ ਕੁਰ, ਸਵਿਤਾਜ ਬਰਾੜ, 21 ਅਕਤੂਬਰ ਜਸਪ੍ਰੀਤ ਸਿੰਘ ਤੇ ਆਸ਼ੀਸ਼ ਸੋਲੰਕੀ ਵੱਲੋਂ ਕਾਮੇਡੀ ਨਾਈਟ, 22 ਅਕਤੂਬਰ ਨੂੰ ਲਖਵਿੰਦਰ ਵਡਾਲੀ, 23 ਅਕਤੂਬਰ ਨੂੰ ਭੰਗੜਾ ਤੇ ਗਿੱਧਾ (ਯੂਨੀਵਰਸਿਟੀ ਟੀਮਾਂ ਵੱਲੋਂ), 24 ਨੂੰ ਪੰਜਾਬੀ ਗਾਇਕ ਜੋਬਨ ਸੰਧੂ, 25 ਅਕਤੂਬਰ ਨੂੰ ਵੱਖੋ ਵੱਖਰੇ ਕਲਾਕਾਰ, 26 ਅਕਤੂਬਰ ਨੂੰ ਕੁਲਵਿੰਦਰ ਬਿੱਲਾ ਅਤੇ ਮੇਲੇ ਦੀ ਆਖਰੀ ਰਾਤ 27 ਅਕਤੂਬਰ ਨੂੰ ਗਿੱਪੀ ਗਰੇਵਾਲ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਡੀ ਸੀ ਜੈਨ ਨੇ ਦੱਸਿਆ ਕਿ ਸਰਸ ਮੇਲੇ ’ਚ ਸਕੂਲ ਦੀ ਵਰਦੀ ਪਾ ਕੇ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਦਾਖ਼ਲਾ ਮਿਲੇਗਾ ਜਦਕਿ ਆਮ ਲੋਕਾਂ ਲਈ 20 ਰੁਪਏ ਦੀ ਐਂਟਰੀ ਟਿਕਟ ਰੱਖੀ ਗਈ ਹੈ। ਉਨਾਂ ਕਿਹਾ ਕਿ ਖੇਤਰੀ ਸਰਸ ਮੇਲੇ ਦੌਰਾਨ ਲੋਕ ਪੰਜਾਬ ਦੇ ਸੱਭਿਆਚਾਰ ਦੇ ਨਾਲ-ਨਾਲ ਦੇਸ਼ ਦੇ ਹੋਰਨਾਂ ਸੂਬਿਆਂ ਦੇ ਰਹਿਣ-ਸਹਿਣ, ਪਹਿਰਾਵੇ ਅਤੇ ਖਾਣ-ਪਾਣ ਆਦਿ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਣਗੇ। ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ ਦਸਤਕਾਰਾਂ ਵੱਲੋਂ ਆਪਣੇ ਹੱਥੀ ਬਣਾਈਆਂ ਚੀਜ਼ਾਂ ਜਿਨਾਂ ’ਚ ਖਿਡੌਣੇ, ਕੱਪੜੇ, ਸਜਾਵਟੀ ਸਾਮਾਨ, ਫਰਨੀਚਰ ਆਦਿ ਸ਼ਾਮਲ ਹਨ, ਵੀ ਵਿਕਰੀ ਲਈ ਉਪਲਬਧ ਰਹਿਣਗੀਆਂ। ਉਨਾਂ ਕਿਹਾ ਕਿ ਇਸ ਮੇਲੇ ’ਚ ਰਵਾਇਤੀ ਮੇਲਿਆਂ ਵਾਂਗ ਵੱਖ-ਵੱਖ ਤਰਾਂ ਦੇ ਝੂਲੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਵਜੋਂ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਦੀ ਵਿਲੱਖਣਤਾ ਵਜੋਂ ਨਾਰਥ ਜ਼ੋਨ ਦੇ ਕਲਾਕਾਰ, ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਨਾਲ ਮੇਲੀਆਂ ਦਾ ਮੰਨੋਰੰਜਨ ਕਰਨਗੇ, ਜਿਸ ਵਿੱਚ ਆਸਾਮ ਦਾ ਪੀਹੂ, ਰਾਜਸਥਾਨ ਦਾ ਕਾਲਬੇਲੀਆ, ਯੂਪੀ ਦੀ ਬਰਸਾਨਾ ਦੀ ਹੋਲੀ ਅਤੇ ਮਾਯੂਰ ਡਾਂਸ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਰੋਜ਼ ਲੋਕ ਕਲਾਕਾਰ, ਜਿਸ ਵਿੱਚ ਬੀਨ ਜੋਗੀ, ਨਚਾਰ, ਨਗਾਰਾ, ਕਠਪੁਤਲੀ ਨਾਚ, ਬਾਜ਼ੀਗਰ, ਕੱਚੀ ਘੋੜੀ ਆਦਿ ਲੋਕਾਂ ਦਾ ਮੇਲੇ ਵਿੱਚ ਘੁੰਮ-ਫਿਰ ਕੇ ਮੰਨੋਰੰਜਨ ਕਰਨਗੇ। ਮੇਲੇ ਦੌਰਾਨ ਸਮਾਜਿਕ ਮੁੱਦਿਆਂ ਅਤੇ ਕੁਰੀਤੀਆਂ ਬਾਰੇ ਲੋਕ ਜਾਗਰੂਕਤਾ ਤਹਿਤ ਹਰ ਰੋਜ਼ ਥੀਮ ਅਧਾਰਿਤ ਪ੍ਰੋਗਰਾਮ ਅਤੇ ਸਕੂਲਾਂ ਤੇ ਕਾਲਜਾਂ ਦੇ ਉੱਭਰਦੇ ਕਲਾਕਾਰਾਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਮਾਂ ਰਹਿੰਦੇ ਸਰਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ। ਉਨਾਂ ਕਿਹਾ ਕਿ ਤਿਆਰੀਆਂ ਮੌਕੇ ਸੁਰੱਖਿਆ ਅਤੇ ਸਾਫ਼-ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਅਤੇ ਪੰਡਾਲ ਦੀ ਤਿਆਰੀ ਦੌਰਾਨ ਸਮੁੱਚੇ ਲੋੜੀਂਦੇ ਪਹਿਲੂਆਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐੱਸ ਤਿੜਕੇ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ, ਐੱਸਡੀਐੱਮ ਮੋਹਾਲੀ ਦਮਦਨੀਪ ਕੌਰ, ਐੱਸਡੀਐੱਮ ਖਰੜ ਗੁਰਮੰਦਰ ਸਿੰਘ, ਚੀਫ਼ ਇੰਜੀਨੀਅਰ ਨਗਰ ਨਿਗਮ ਮੋਹਾਲੀ ਨਰੇਸ਼ ਬੱਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। None

About Us

Get our latest news in multiple languages with just one click. We are using highly optimized algorithms to bring you hoax-free news from various sources in India.