NEWS

'ਨਿਗਮ ਚੋਣਾਂ 'ਚ ਸੂਬਾ ਸਰਕਾਰ ਸ਼ਰੇਆਮ ਕਰ ਰਹੀ ਧੱਕੇਸ਼ਾਹੀ', ਸਾਂਸਦ ਔਜਲਾ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ

ਅੰਮ੍ਰਿਤਸਰ, ਰਾਜੀਵ ਸ਼ਰਮਾ : ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦਾ ਬਿਗੁਲ ਵਜ ਚੁੱਕਿਆ ਹੈ ਅਤੇ ਪ੍ਰਸ਼ਾਸਨਿਕ ਅਮਲਾ ਵੀ ਪੱਭਾਂ ਭਾਰ ਹੈ ਅਤੇ ਅਧਿਕਾਰੀਆਂ ਨੂੰ ਵੀ ਵੱਖ-ਵੱਖ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਇਸ ਵਾਰ ਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਦੇ ਵੱਲੋਂ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਥੇ ਹੀ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬ ਤੋਂ ਪਹਿਲੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਇੱਕ ਅਹਿਮ ਪ੍ਰੈਸ ਵਾਰਤਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸੂਬਾ ਸਰਕਾਰ ‘ਤੇ ਸ਼ਬਦੀ ਹਮਲੇ ਕੀਤੇ ਹਨ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੀ ਵੱਡੇ ਸਵਾਲ ਚੁੱਕੇ ਹਨ। ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਨਿਗਮ ਚੋਣਾਂ ਵਿੱਚ ਸਰਕਾਰ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਤੋਂ ਵੋਟ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਲਕੇ ਵੋਟਾਂ ਪੈਣੀਆਂ ਹਨ ਅਤੇ ਸਥਾਨਕ ਸਰਕਾਰਾਂ ਦਾ ਗਠਨ ਹੋਣਾ ਹੈ, ਇਹ ਸਰਕਾਰ ਅਤੇ ਚੋਣ ਕਮਿਸ਼ਨ ਦਾ ਕੰਮ ਹੈ ਕਿ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ। ਪਰ ਕੱਲ੍ਹ ਤੋਂ ਹੀ ਸਾਡੇ ਉਮੀਦਵਾਰਾਂ ‘ਤੇ ਪੁਲਿਸ ਵੱਲੋਂ ਕੁਝ ਥਾਵਾਂ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਜਾਏ ਆਪਣੀਆਂ ਨੌਕਰੀਆਂ ਅਤੇ ਵਾਅਦਿਆਂ ਨੂੰ ਬਚਾਉਣ ਲਈ ਸਰਕਾਰ ਦਾ ਸਾਥ ਦੇ ਰਿਹਾ ਹੈ। ਉਨ੍ਹਾਂ ਕਿਹਾ ਸਾਡੇ ਕਈ ਉਮੀਦਵਾਰਾਂ ਨੂੰ ਪੁਲਿਸ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਕਿਸੇ ਵੀ ਵੋਟਰ ਨੂੰ ਆਪਣੀ ਵੋਟ ਕਿੱਥੇ ਪਾਉਣੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਚੋਣ ਕਮਿਸ਼ਨ ਵੱਲੋਂ ਵੋਟਾਂ ਲਈ ਜੋ ਕੰਮ ਕੀਤਾ ਜਾਂਦਾ ਹੈ, ਉਹ ਸੱਤਾਧਾਰੀ ਪਾਰਟੀ ਨਾਲ ਜੁੜੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਥਾਂ-ਥਾਂ ਪਰਚੀਆਂ ਵੰਡੀਆਂ ਜਾ ਰਹੀਆਂ ਹਨ। ਸਾਡੇ ਉਮੀਦਵਾਰਾਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਖ਼ਿਲਾਫ਼ ਪਰਚੇ ਤੱਕ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਅਸੀਂ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਵੀ ਕਰਦੇ ਹਾਂ ਅਤੇ ਚੇਤਾਵਨੀ ਵੀ ਦਿੰਦੇ ਹਾਂ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਕਈ ਇਲਾਕਿਆਂ ‘ਚ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ, ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਵੀ ਲੋਕਾਂ ਨੂੰ ਆਪਣੀਆਂ ਵੋਟਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਲੋਕ ਭਾਰੀ ਭੰਬਲਭੂਸੇ ਵਿੱਚ ਫਸੇ ਹੋਏ ਹਨ। ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਵੋਟਾਂ ਪਾਉਣ ਵਾਲਿਆਂ ਨੂੰ ਇਨ੍ਹਾਂ ਚੋਣਾਂ ਵਿੱਚ ਵੋਟਾਂ ਨਹੀਂ ਮਿਲ ਰਹੀਆਂ। ਇਹੀ ਕੰਮ ਸਰਪੰਚ ਚੋਣਾਂ ਵਿੱਚ ਵੀ ਕੀਤਾ ਗਿਆ, ਜਿਹੜੀ ਪਾਰਟੀ ਪੰਜਾਬ ਵਿੱਚ ਸੱਤਾ ਵਿੱਚ ਹੈ, ਉਹ ਦਿੱਲੀ ਵਿੱਚ ਭਾਜਪਾ ਨੂੰ ਦੋਸ਼ੀ ਠਹਿਰਾਉਂਦੀ ਹੈ। ਉਨ੍ਹਾਂ ਕਿਹਾ ਉਹੀ ਕੰਮ ਪੰਜਾਬ ਵਿੱਚ ਇਹ ਲੋਕ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਨੂੰ ਬਾਹਰੋਂ ਵੀ ਬੁਲਾਇਆ ਗਿਆ ਹੈ ਪਰ ਅਸੀਂ ਉਨ੍ਹਾਂ ਦੀ ਗੁੰਡਾਗਰਦੀ ਜਾਰੀ ਨਹੀਂ ਰਹਿਣ ਦੇਵਾਂਗੇ। ਅਸੀਂ ਕੱਲ੍ਹ ਹਰ ਬੂਥ ‘ਤੇ ਨਜ਼ਰ ਰੱਖਾਂਗੇ ਜੇਕਰ ਕਿਸੇ ਨੇ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਨ੍ਹਾਂ ਅਤੇ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹਾਂਗੇ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਲੋਕਾਂ ਲਈ ਇਨ੍ਹੇਂ ਕੰਮ ਕੀਤੇ ਹਨ ਤਾਂ ਫਿਰ ਦਬਾਅ ਕਿਉਂ ਪਾਇਆ ਜਾ ਰਿਹਾ ਹੈ?, ਚੋਣਾਂ ਸ਼ਾਂਤੀਪੂਰਵਕ ਹੋਣੀਆਂ ਚਾਹੀਦੀਆਂ ਹਨ। None

About Us

Get our latest news in multiple languages with just one click. We are using highly optimized algorithms to bring you hoax-free news from various sources in India.